logo

ਪ੍ਰਤਾਪ ਸਿੰਘ ਬਾਜਵਾ, ਵੜਿੰਗ ਪਰਿਵਾਰ ਅਤੇ ਜੀਤਮਹਿੰਦਰ ਸਿੰਘ ਸਿੱਧੂ ਆਗੂਆਂ ਸਮੇਤ ਤਖਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ।

ਆਲਾਕਮਾਨ ਦੇ ਯਤਨਾਂ ਸਦਕਾ ਸਿੱਧੂ ਅਤੇ ਜਿਲ੍ਹਾ ਪ੍ਰਧਾਨ ਜਟਾਣਾ ਨੇ ਇੱਕ ਦੂਜੇ ਦਾ ਸਾਥ ਦੇਣ ਦਾ ਕੀਤਾ ਐਲਾਨ।
ਤਲਵੰਡੀ ਸਾਬੋ, 29 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪਿਛਲੇ ਦਿਨੀਂ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਵੱਲੋਂ ਉਮੀਦਵਾਰ ਐਲਾਨੇ ਗਏ ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਅਤੇ ਅੱਜ ਕਾਂਗਰਸ ਵੱਲੋਂ ਲੁਧਿਆਣਾ ਤੋਂ ਉਮੀਦਵਾਰ ਐਲਾਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਲੋਕ ਸਭਾ ਹਲਕਾ ਬਠਿੰਡਾ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਨੂੰ ਨਾਲ ਲੈ ਕੇ ਜਿੱਥੇ ਸ਼ੁਕਰਾਨੇ ਵਜੋਂ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਉੱਥੇ ਪਿਛਲੇ ਦਿਨੀਂ ਸਿੱਧੂੁ ਦੀ ਟਿਕਟ ਪ੍ਰਤੀ ਨਾਰਾਜ਼ਗੀ ਦਿਖਾ ਚੁੱਕੇ ਜਿਲ੍ਹਾ ਕਾਂਗਰਸ ਕਮੇਟੀ ਬਠਿੰਡਾ (ਦਿਹਾਤੀ) ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ ਅਤੇ ਜੀਤਮਹਿੰਦਰ ਸਿੰਘ ਸਿੱਧੂ ਨੂੰ ਨਾਲ ਇਕੱਠਿਆਂ ਤੋਰਨ ਚ ਵੀ ਆਲਾਕਮਾਨ ਸਫਲ ਹੁੰਦੀ ਦਿਖਾਈ ਦਿੱਤੀ। ਅੱਜ ਸਭ ਤੋਂ ਪਹਿਲਾਂ ਸਾਰੇ ਕਾਂਗਰਸੀ ਆਗੂ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਅਤੇ ਉਨਾਂ ਨੇ ਪਾਰਟੀ ਅਤੇ ਪੰਜਾਬ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਹਾਜ਼ਿਰੀ ਚ ਵਰਕਰਾਂ ਨੂੰ ਸੰਬੋਧਨ ਹੁੰਦਿਆਂ ਜਿੱਥੇ ਕਾਂਗਰਸ ਜਿਲ੍ਹਾ ਬਠਿੰਡਾ (ਦਿਹਾਤੀ) ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ ਨੇ ਪਾਰਟੀ ਦੇ ਫੈਸਲੇ ਤੇ ਫੁੱਲ ਚੜ੍ਹਾਉਦਿਆਂ ਜੀਤਮਹਿੰਦਰ ਸਿੰਘ ਸਿੱਧੂ ਦੀ ਚੋਣ ਮੁਹਿੰਮ ਲਈ ਅੱਜ ਤੋਂ ਹੀ ਦਿਨ ਰਾਤ ਇੱਕ ਕਰਨ ਦਾ ਐਲਾਨ ਕੀਤਾ ਉੱਥੇ ਜੀਤਮਹਿੰਦਰ ਸਿੰਘ ਸਿੱਧੂ ਨੇ ਵੀ ਐਲਾਨ ਕੀਤਾ ਕਿ 2027 ਵਿਧਾਨ ਸਭਾ ਚੋਣ ਸਮੇਂ ਖੁਸ਼ਬਾਜ ਸਿੰਘ ਜਟਾਣਾ ਦੇ ਤਲਵੰਡੀ ਸਾਬੋ ਤੋਂ ਕਾਂਗਰਸੀ ਉਮੀਦਵਾਰ ਬਨਣ 'ਤੇ ਉਹ ਉਨਾਂ ਦੀ ਹਰ ਪੱਖੋਂ ਮਦੱਦ ਕਰਨਗੇ।ਉਨਾਂ ਕਿਹਾ ਕਿ ਪਾਰਟੀ ਆਗੂਆਂ ਚ ਏਕਾ ਬਹੁਤ ਜ਼ਰੁੂਰੀ ਹੈ ਤਾਂਕਿ ਹੁਣ ਲੋਕ ਸਭਾ ਅਤੇ ਫਿਰ ਵਿਧਾਨ ਸਭਾ ਦੋਵਾਂ ਚੋਣਾਂ ਚ ਪਾਰਟੀ ਉਮੀਦਵਾਰ ਜਿੱਤ ਹਾਸਲ ਕਰ ਸਕਣ। ਇਸ ਮੌਕੇ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਦੋਵਾਂ ਆਗੂਆਂ ਦੇ ਇੱਕ ਹੋਣ ਤੇ ਖੁਸ਼ੀ ਪ੍ਰਗਟ ਕਰਦਿਆਂ ਉਮੀਦ ਪ੍ਰਗਟਾਈ ਕਿ ਅਕਾਲ ਪੁਰਖ ਦੀ ਮੇਹਰ ਸਦਕਾ ਐਤਕੀਂ ਬਠਿੰਡਾ ਸੀਟ ਕਾਂਗਰਸ ਪਾਰਟੀ ਦੇ ਹਿੱਸੇ ਆਵੇਗੀ। ਉੱਧਰ ਤਖਤ ਸਾਹਿਬ ਮੱਥਾ ਟੇਕਣ ਸਮੇਂ ਹੋਰਨਾਂ ਤੋਂ ਇਲਾਵਾ ਰਾਜਾ ਵੜਿੰਗ ਦੇ ਧਰਮਪਤਨੀ ਅੰਮ੍ਰਿਤਾ ਵੜਿੰਗ, ਗੁਰਾ ਸਿੰਘ ਤੁੰਗਵਾਲੀ ਸਾਬਕਾ ਵਿਧਾਇਕ, ਬਿਕਰਮ ਸਿੰਘ ਮੋਫਰ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਮਾਨਸਾ, ਐਡਵੋਕੇਟ ਰਾਜਨ ਗਰਗ, ਮਾਈਕਲ ਗਾਗੋਵਾਲ, ਟਹਿਲ ਸਿੰਘ ਸੰਧੂ, ਕਿਰਨਜੀਤ ਸਿੰਘ ਗਹਿਰੀ, ਜਸ਼ਨ ਚਹਿਲ, ਅਵਤਾਰ ਸਿੰਘ ਗੋਨਿਆਣਾ, ਕਿਰਨਜੀਤ ਕੌਰ ਵਿਰਕ, ਰਣਜੀਤ ਸੰਧੂ ਸੂਬਾ ਜਨ.ਸਕੱ. ਯੂਥ ਕਾਂਗਰਸ, ਲਖਵਿੰਦਰ ਸਿੰਘ ਲੱਕੀ ਜਿਲ੍ਹਾ ਪ੍ਰਧਾਨ ਯੂਥ ਕਾਂਗਰਸ ਆਦਿ ਆਗੂ ਮੌਜੂਦ ਰਹੇ।

6
1517 views